ਮੱਧ ਵਰਗ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੱਧ ਵਰਗ : ਸ਼੍ਰੇਣੀ ਵੰਡ ਵਿਚ ਵੰਡੇ ਹੋਏ ਸਮਾਜਕ ਪ੍ਰਬੰਧ ਵਿਚ ਜਿਹੜਾ ਵਰਗ ਸ਼ਾਸਨ ਕਰ ਰਹੇ ਉੱਚ–ਵਰਗ ਦਾ ਸਹਾਇਕ ਤੇ ਪਿਛਲਗ ਹੁੰਦਾ ਹੈ ਅਤੇ ਜੋ ਪਿਸ ਰਹੀ ਥਲੜੀ ਸ਼੍ਰੇਣੀ ਨਾਲੋਂ ਰਤਾ ਕੁ ਸੁਖਾਲਾ ਹੁੰਦਾ ਹੈ, ਉਸ ਨੂੰ ‘ਮੱਧ–ਵਰਗ’ ਆਖਦੇ ਹਨ। ਪੂੰਜੀਵਾਦੀ–ਨਿਜ਼ਾਮ ਵਿਚ ਇਸ ਪ੍ਰਕਾਰ ਦੇ ਵਰਗ ਲਈ ‘ਪੈਟੀ–ਬੁਰਜ਼ੂਆ’ ਸ਼ਬਦ ਦੀ ਵਰਤਿਆ ਜਾਂਦਾ ਹੈ। ਮੱਧ–ਵਰਗ ਦੀਆਂ ਰੁਚੀਆਂ, ਕਦਰਾਂ–ਕੀਮਤਾਂ ਉੱਚ–ਵਰਗ ਦੇ ਅਨੁਸਾਰੀ ਹੁੰਦੀਆਂ ਹਨ। ਭਾਵੇਂ ਇਨ੍ਹਾਂ ਦੀ ਆਰਥਿਕਤਾ ਦਾ ਲੜ ਹੇਠਲੇ ਵਰਗ ਨਾਲ ਜੁੜਿਆ ਹੁੰਦਾ ਹੈ, ਪਰ ਇਨ੍ਹਾਂ ਦੀ ਲਾਲਸਾ ਹਰ ਸਮੇਂ ‘ਉੱਚ–ਵਰਗ’ (ਵੇਖੋ) ਵਿਚ ਸ਼ਾਮਲ ਹੋਣ ਦੀ ਹੁੰਦੀ ਹੈ, ਇਸ ਲਈ ਮੱਧ–ਵਰਗ ਦੇ ਲੋਕਾਂ ਦਾ ਵਿਅਕਤਿਤ੍ਵ ਪਾਰੇ ਵਾਂਗ ਡੋਲਦਾ ਰਹਿੰਦਾ ਹੈ ਅਤੇ ਇਨ੍ਹਾਂ ਦਾ ਮਨ ਰਾਜਨੀਤਿਕ ਚੜ੍ਹਤ ਵਾਲੇ ਪਾਸੇ ਵੱਲ ਵਧੇਰੇ ਜਾਂਦਾ ਹੈ। ਇਸ ਤਰ੍ਹਾਂ ਆਰਥਿਕ ਤੌਰ ’ਤੇ ਇਨ੍ਹਾਂ ਦਾ ਪਿਛੋਕੜ ਥਲੜੇ ਵਰਗ ਨਾਲ ਮੇਲ ਖਾਂਦਾ ਹੈ ਪਰ ਦਿਮਾਗ਼ੀ ਤੌਰ ਤੇ ਇਹ ਵਰਗ ਥਲੜੇ ਵਰਗ ਨਾਲ ਨਾਲੋਂ ਬਿਲਕੁਲ ਟੁੱਟ ਕੇ ਉੱਚੇ–ਵਰਗ ਨਾਲ ਜੁੜਿਆ ਹੋਇਆ ਹੁੰਦਾ ਹੈ। ਮੱਧ–ਵਰਗ ਥਲੜੇ ਵਰਗ ਨੂੰ ਸ਼ੋਸਿਤ ਕਰਾਉਣ ਵਿਚ ਉੱਚ–ਵਰਗ ਦਾ ਸਹਾਇਕ ਬਣਦਾ ਹੈ। ਭਾਵੇਂ ਉੱਚ–ਵਰਗ ਹਮੇਸ਼ਾ ਹੀ ਇਸ ਵਰਗ ਦੀ ਵੀ ਹਰ ਪ੍ਰਕਾਰ ਦੀ ਲੁਟ–ਘਸੁਟ ਕਰਦਾ ਰਹਿੰਦਾ ਹੈ, ਮੱਧ–ਵਰਗ ਬਾਹਰਲੇ ਦਿਖਾਵੇ ਤੋਂ ਆਪਣੀ ਦਿੱਖ ਉੱਚ–ਵਰਗੀ ਰੱਖਣ ਕਰਕੇ ਅੰਦਰੋਂ ਅੰਦਰ ਆਰਥਿਕ ਥੁੜ ਦਾ ਸਕਾ ਸ਼ਿਕਾਰ ਬਣਿਆ ਰਹਿੰਦਾ ਹੈ। ਇਸ ਲਈ ਇਸ ਦੀ ਮਾਨਸਿਕ ਬਣਤਰ ਸਦਾ ਬੋਝ ਹੇਠ ਦਬੀ ਰਹਿੰਦੀ ਹੈ। ਮੱਧ–ਵਰਗ ਦੇ ਚੇਤਨ ਵਿਅਕਤੀ ਸ਼੍ਰੇਣੀ ਮੁਫ਼ਤ (ਡੀਕਲਾਸੀਫਾਈ) ਹੋ ਕੇ ਮਜ਼ਦੂਰ ਜਮਾਤ ਦੀ ਉਨ੍ਹਾਂ ਦੇ ਸੰਘਰਸ਼ ਵਿਚ ਮਦਦ ਕਰਦੇ ਹਨ। ਸਰਮਾਇਦਾਰੀ ਸਮਾਜਕ–ਪ੍ਰਬੰਧ ਵਿਚ ਇਸ ਵਰਗ ਦਾ ਕੁਝ ਚੇਤਨ ਹਿੰਸਾ ਲੋਕਤੰਤਰ ਦੀ ਸਥਾਪਨਾ ਵਿਚ ਮਦਦ ਵੀ ਕਰਦਾ ਹੈ। ‘ਸਾਮੰਤਵਾਦ’ (ਵੇਖੋ) ਦੇ ਸਮੇਂ ਛੋਟੇ ਜਾਗੀਰਦਾਰ ਅਤੇ ਛੋਟੇ ਅਧਿਕਾਰੀ ਇਸ ਵਰਗ ਵਿਚੋਂ ਗਿਣੇ ਜਾ ਸਕਦੇ ਹਨ। ਮੱਧ–ਵਰਗ ਦੇ ਬੰਦੇ ਵਪਾਰ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ, ਸਗੋਂ ਮਾਣ ਸਮਝਦੇ ਹਨ।

          ਸਮਾਜਵਾਦੀ (ਵੇਖੋ ‘ਸਮਾਜਵਾਦ’) ਪ੍ਰਬੰਧ ਵਿਚ ਇਸ ਵਰਗ ਦੀ ਹੋਂਦ ਖ਼ਤਮ ਹੋ ਜਾਂਦੀ ਹੈ। ਕਮਿਊਨਿਜ਼ਮ ਸਥਾਪਤ ਹੋਣ ਨਾਲ ਹਰ ਪ੍ਰਕਾਰ ਦੇ ਵਰਗਾਂ ਦੇ ਵੱਖਰੇਵਿਆਂ ਤੋਂ ਮਨੁੱਖ ਜਾਤੀ ਨੂੰ ਸੰਪੂਰਣ ਮੁਕਤੀ ਪ੍ਰਾਪਤ ਹੋ ਜਾਵੇਗੀ।

          [ਸਹਾ. ਗ੍ਰੰਥ––W. J. Reader : The Middle Classes; Fouis B. Wright : Middle Class   Culture in Elizabethan England; Karl Marx : The Capital]                        


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.